ਸੁੱਖਾ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਖਾ ਸਿੰਘ. ਕੰਬੋਮਾੜੀ ਪਿੰਡ ਦਾ ਪ੍ਰੇਮੀ, ਜਿਸ ਨੇ ਤਖਾਣ ਵੰਸ਼ ਦੇ ਕਲਸੀ ਗੋਤ ਵਿੱਚ ਜਨਮ ਲਿਆ, ਅਤੇ ਖ਼ਾਲਸਾ ਸਜਕੇ ਧਰਮਜੰਗਾਂ ਵਿੱਚ ਭਾਰੀ ਸੇਵਾ ਕੀਤੀ. ਇਸ ਨੇ ਸਰਦਾਰ ਮਤਾਬ ਸਿੰਘ ਮੀਰਾਂਕੋਟੀਏ ਨਾਲ ਮਿਲਕੇ ਮੱਸੇ ਰੰਘੜ ਆਦਿਕ ਤੁਰਕਾਂ ਨੂੰ ਹਰਿਮੰਦਿਰ ਦੀ ਬੇਅਦਬੀ ਦੀ ਸਜਾ ਦਿੱਤੀ. ਇਹ ਸੰਮਤ ੧੮੧੦ ਵਿੱਚ ਦੁੱਰਾਨੀਆਂ ਦੀ ਫੌਜ ਨਾਲ ਲੜਕੇ ਰਾਵੀ ਦੇ ਕਿਨਾਰੇ ਲਹੌਰ ਪਾਸ ਸ਼ਹੀਦ ਹੋਇਆ। ੨ ਧਰਮਵੀਰ ਬਾਜ ਸਿੰਘ ਦਾ ਭਾਈ ਜਿਸ ਨੇ ਬੰਦਾ ਬਹਾਦੁਰ ਨਾਲ ਮਿਲਕੇ ਅਨੇਕ ਜੰਗ ਫਤੇ ਕੀਤੇ। ੩ ਕਵਿ ਸੁੱਖਾ ਸਿੰਘ, ਜਿਸ ਦਾ ਜਨਮ ਸੰਮਤ ੧੮੨੫ ਵਿੱਚ ਹੋਇਆ. ਇਹ ਕੇਸਗੜ੍ਹ ਸਾਹਿਬ ਦਾ ਗਿਆਨੀ ਸੀ. ਇਸ ਨੇ ਸੰਮਤ ੧੮੫੪ ਵਿੱਚ ਦਸਮੇਂ ਪਾਤਸ਼ਾਹ ਜੀ ਦਾ ਗੁਰੁਵਿਲਾਸ ਰਚਿਆ. ਇਸ ਦਾ ਦੇਹਾਂਤ ਸੰਮਤ ੧੮੯੫ ਵਿੱਚ ਹੋਇਆ. ਇਸ ਦੀ ਧਰਮਪਤਨੀ ਗੁਲਾਬ ਦੇਵੀ ਦਾ ਦੇਹਾਂਤ ਸੰਮਤ ੧੯੩੫ ਵਿੱਚ ਹੋਇਆ ਹੈ. ਦੇਖੋ, ਗੁਰੁਵਿਲਾਸ ੨। ੪ ਪਟਣੇ ਸਾਹਿਬ ਦੇ ਹਰਿਮੰਦਿਰ ਦਾ ਗ੍ਰੰਥੀ ਜਿਸ ਨੇ ਸੁਖਮਨਾ ਛੱਕੇ ਆਦਿਕ ਬਾਣੀ ਰਲਾਕੇ ਦਸਮਗ੍ਰੰਥ ਦੀ ਇੱਕ ਨਵੀਂ ਬੀੜ ਬਣਾਈ, ਜੋ “ਖਾਸ ਬੀੜ” ਕਰਕੇ ਪ੍ਰਸਿੱਧ ਹੈ. ਦੇਖੋ, ਸਰਬਲੋਹ। ੫ ਸਰਦਾਰ ਬਸਾਵਾ ਸਿੰਘ ਰਈਸ ਬਡਰੁੱਖਾਂ ਦਾ ਸੁਪੁਤ੍ਰ ਅਤੇ ਮਹਾਰਾਜਾ ਹੀਰਾ ਸਿੰਘ ਸਾਹਿਬ ਨਾਭਾਪਤਿ ਦਾ ਪਿਤਾ. ਇਸ ਨੇ ਰਾਜਾ ਸੰਗਤ ਸਿੰਘ ਜੀਂਦਪਤਿ ਦੇ ਲਾਵਲਦ ਮਰਨ ਤੇ ਗੱਦੀ ਦਾ ਦਾਵਾ ਕੀਤਾ ਸੀ, ਪਰ ਗਵਰਨਮੇਂਟ ਨੇ ਸਰਦਾਰ ਸਰੂਪ ਸਿੰਘ ਬਜੀਦਪੁਰੀਏ ਨੂੰ ਵਡੀ ਸ਼ਾਖ਼ ਦਾ ਸਮਝਕੇ ਰਾਜਾ ਥਾਪਿਆ. ਪਰ ਕਰਤਾਰ ਨੇ ਸਰਦਾਰ ਸੁੱਖਾ ਸਿੰਘ ਦੇ ਪੁਤ੍ਰ ਨੂੰ ਨਾਭੇ ਦਾ ਮਹਾਰਾਜਾ ਬਣਾ ਦਿੱਤਾ. ਸਰਦਾਰ ਸੁੱਖਾ ਸਿੰਘ ਦਾ ਦੇਹਾਂਤ ਸਨ ੧੮੫੨ ਵਿੱਚ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5094, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੱਖਾ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਖਾ ਸਿੰਘ (ਅ.ਚ.1752) : ਅਠਾਰ੍ਹਵੀਂ ਸਦੀ ਦਾ ਸਿੱਖ ਸੂਰਬੀਰ ਅਤੇ ਸ਼ਹੀਦ ਜੋ ਅੰਮ੍ਰਿਤਸਰ ਦੇ ਪਿੰਡ ਮਾੜੀ ਕੰਬੋਕੇ ਵਿਚ ਕਲਸੀ ਗੋਤ ਦੇ ਤਰਖਾਣਾਂ ਦੇ ਪਰਵਾਰ ਵਿਚ ਜਨਮਿਆ ਸੀ। ਜਦੋਂ ਇਹ ਅਜੇ ਬੱਚਾ ਹੀ ਸੀ ਤਾਂ ਇਸ ਨੇ ਸਿੱਖਾਂ ਉੱਤੇ ਹੋ ਰਹੇ ਅਤਿਆਚਾਰਾਂ ਤੇ ਉਸ ਸਮੇਂ ਵਿਚ ਸਿੱਖਾਂ ਦੇ ਹੌਂਸਲੇ ਅਤੇ ਕੁਰਬਾਨੀ ਦੀਆਂ ਕਹਾਣੀਆਂ ਸੁਣੀਆਂ ਸਨ , ਭਾਵੇਂ ਕਿ ਇਸ ਦੇ ਮਾਤਾ ਪਿਤਾ ਨੇ ਇਸ ਦੇ ਉਤਸ਼ਾਹ ਨੂੰ ਘੱਟ ਕਰਨ ਲਈ ਇਸ ਦਾ ਵਿਆਹ ਕੇਵਲ ਬਾਰਾਂ ਸਾਲ ਦੀ ਉਮਰ ਵਿਚ ਹੀ ਕਰ ਦਿੱਤਾ ਸੀ। ਇਹ ਅੰਮ੍ਰਿਤ ਛਕਣ ਲਈ ਅੰਮ੍ਰਿਤਸਰ ਗਿਆ ਅਤੇ ਆਪਣੇ ਘਰ ਵਿਚ ਇਸ ਨੇ ਭਗੌੜੇ ਸਿੱਖਾਂ ਦੀ ਸੇਵਾ ਸੰਭਾਲ ਕਰਨੀ ਅਰੰਭ ਕਰ ਦਿੱਤੀ। ਇਸ ਦੇ ਮਾਤਾ ਪਿਤਾ ਨੇ ਸਰਕਾਰ ਦੇ ਡਰੋਂ ਇਕ ਦਿਨ ਇਸਦੇ ਸੁੱਤੇ ਹੋਏ ਦੇ ਕੇਸ ਕੱਟ ਦਿੱਤੇ। ਜਾਗਣ ਪਿੱਛੋਂ ਆਪਣੇ ਕੱਟੇ ਹੋਏੇ ਕੇਸਾਂ ਦੀ ਬੇਅਦਬੀ ਦੇਖ ਕੇ ਇਹ ਏਨਾ ਪਰੇਸ਼ਾਨ ਹੋਇਆ ਕਿ ਇਸ ਨੇ ਮਰਨ ਦਾ ਫ਼ੈਸਲਾ ਕਰ ਲਿਆ ਅਤੇ ਖੂਹ ਵਿਚ ਛਾਲ ਮਾਰ ਦਿੱਤੀ। ਇਸ ਨੇ ਲੋਕਾਂ ਦੀ ਬਾਹਰ ਕੱਢਣ ਦੀ ਕੋਸ਼ਿਸ਼ ਨੂੰ ਬਾਹਰ ਨਾ ਨਿਕਲਣ ਕਰਕੇ ਨਾਕਾਮ ਬਣਾਇਆ ਪਰੰਤੂ ਏਨੇ ਨੂੰ ਕੋਲੋਂ ਲੰਘੇ ਜਾਂਦੇ ਇਕ ਸਿੱਖ ਨੇ ਉਸ ਨੂੰ ਸਮਝਾਇਆ ਕਿ ਇਸ ਤਰ੍ਹਾਂ ਮਰਨਾ ਬੁਜ਼ਦਿਲੀ ਹੈ ਅਤੇ ਇਕ ਸਿੱਖ ਲਈ ਆਤਮਘਾਤ ਕਰਨਾ ਪਾਪ ਹੈ। ਸੁੱਖਾ ਸਿੰਘ ਬਾਹਰ ਨਿਕਲਣ ਲਈ ਮੰਨ ਗਿਆ ਅਤੇ ਇਸਨੇ ਆਪਣੇ ਕੇਸ ਵਧਾਏ ਅਤੇ ਸਰਦਾਰ ਸ਼ਿਆਮ ਸਿੰਘ ਦੇ ਜਥੇ ਵਿਚ ਸ਼ਾਮਲ ਹੋ ਗਿਆ। ਇਸ ਨੇ ਲੜਾਈ ਦੇ ਹਥਿਆਰਾਂ ਵਿਚ ਅਸਧਾਰਨ ਨਿਪੁੰਨਤਾ ਪ੍ਰਾਪਤ ਕਰਨ ਲਈ ਅਤੇ ਆਪਣੀ ਨਿਡਰਤਾ ਅਤੇ ਸਹਿਨਸ਼ੀਲਤਾ ਕਰਕੇ ਆਪਣੇ ਸਾਥੀਆਂ ਦਾ ਪ੍ਰਸੰਸਾ ਦਾ ਪਾਤਰ ਬਣਿਆ। ਇਕ ਵਾਰੀ ਅੰਮ੍ਰਿਤਸਰ ਦੇ ਕੋਤਵਾਲ ਕਾਜ਼ੀ ਅਬਦ ਉਰ-ਰਹਮਾਨ ਦੀ ਇਸ ਲਲਕਾਰ ਨੂੰ ਕਬੂਲ ਕਰਦੇ ਹੋਏ ਕਿ ਜੇਕਰ ਸਿੱਖਾਂ ਵਿਚ ਦਮ ਹੈ ਤਾਂ ਆ ਕੇ ਸਰੋਵਰ ਵਿਚ ਇਸ਼ਨਾਨ ਕਰਨ। ਸੁੱਖਾ ਸਿੰਘ ਦਿਨ ਦਿਹਾੜੇ ਅੰਮ੍ਰਿਤਸਰ ਗਿਆ, ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਇਹ ਕਹਿ ਕੇ ਕਿ ਮੈਂ ਸੁੱਖਾ ਸਿੰਘ ਹਾਂ ਆਪਣੇ ਘੋੜੇ ਉੱਤੇ ਚੜ੍ਹ ਕੇ ਜੰਗਲਾਂ ਵੱਲ ਨੂੰ ਭੱਜ ਗਿਆ। ਗੁੱਸੇ ਵਿਚ ਕਾਜ਼ੀ ਨੇ ਤੁਰੰਤ ਉਸਦਾ ਪਿੱਛਾ ਕੀਤਾ ਅਤੇ ਸਿੱਖਾਂ ਨਾਲ ਹੋਈ ਮੁਠ ਭੇੜ ਵਿਚ ਕਾਜ਼ੀ ਮਾਰਿਆ ਗਿਆ।

    ਕਾਜ਼ੀ ਅਬਦ ਉਰ-ਰਹਮਾਨ ਦੇ ਉਤਰਾਧਿਕਾਰੀ ਬਦਨਾਮ ਕੋਤਵਾਲ ਮੱਸਾ ਰੰਘੜ ਨੂੰ ਮਾਰਨ ਲਈ ਸੁੱਖਾ ਸਿੰਘ ਮਤਾਬ ਸਿੰਘ ਨਾਲ ਅਗਸਤ 1740 ਵਿਚ ਅੰਮ੍ਰਿਤਸਰ ਗਿਆ। ਇਸ ਨਾਲ ਸਿੱਖਾਂ ਵਿਚ ਸੁੱਖਾ ਸਿੰਘ ਹੋਰ ਹਰਮਨ ਪਿਆਰਾ ਹੋ ਗਿਆ ਅਤੇ ਛੇਤੀ ਹੀ ਆਪਣੇ ਵਖਰੇ ਜਥੇ ਦਾ ਜਥੇਦਾਰ ਬਣ ਗਿਆ। 1746 ਦੇ ਅਰੰਭ ਵਿਚ ਇਹ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਉੱਤਰ ਵੱਲ ਨੂੰ ਚਲੇ ਗਏ ਅਤੇ ਗੁਜਰਾਂ ਵਾਲੇ ਜ਼ਿਲੇ ਦੇ ਇਲਾਕੇ ਵਿਚ ਐਮਨਾਬਾਦ ਜਾ ਵੜੇ ਜਿਥੇ ਇਹਨਾਂ ਉੱਤੇ ਸਥਾਨਿਕ ਜਗੀਰਦਾਰ ਜਸਪਤ ਰਾਏ ਨੇ ਹਮਲਾ ਕਰ ਦਿੱਤਾ। ਇਹ ਲਖਪਤ ਰਾਇ ਦਾ ਭਰਾ ਸੀ ਜੋ ਲਾਹੌਰ ਦੇ ਗਵਰਨਰ ਯਹੀਆ ਖ਼ਾਨ ਦਾ ਦੀਵਾਨ ਸੀ। ਜਸਪਤ ਰਾਇ ਮੁਕਾਬਲੇ ਵਿਚ ਮਾਰਿਆ ਗਿਆ। ਇਸ ਨਾਲ ਲਖਪਤ ਰਾਇ ਬਦਲੇ ਦੀ ਭਾਵਨਾ ਨਾਲ ਸਿੱਖਾਂ ਦੇ ਖ਼ਾਤਮੇ ਲਈ ਇਹਨਾਂ ਪਿੱਛੇ ਹੱਥ ਧੋ ਕੇ ਪੈ ਗਿਆ ਅਤੇ 1 ਮਈ 1746 ਨੂੰ ਸਿੱਖ ਇਤਿਹਾਸ ਵਿਚ ਜਾਣੇ ਜਾਂਦੇ ਘੱਲੂਘਾਰੇ ਤਕ ਨੌਬਤ ਆ ਗਈ। ਇਸ ਭਿਆਨਕ ਲੜਾਈ ਸਮੇਂ ਦੁਸ਼ਮਨ ਦੀ ਤੋਪ ਨਾਲ ਸੁੱਖਾ ਸਿੰਘ ਦੀ ਲੱਤ ਟੁੱਟ ਗਈ। ਇਸ ਨੇ ਤੁਰੰਤ ਆਪਣੀ ਲੱਤ ਆਪਣੀ ਪੱਗ ਨਾਲ ਆਪਣੇ ਘੋੜੇ ਦੀ ਕਾਠੀ ਨਾਲ ਬੰਨ ਲਈ ਅਤੇ ਲੜਦਾ ਰਿਹਾ ਅਤੇ ਆਪਣੇ ਆਦਮੀਆਂ ਨੂੰ ਰਾਵੀ , ਬਿਆਸ ਅਤੇ ਸਤਲੁਜ ਦਰਿਆਵਾਂ ਤੋਂ ਪਾਰ ਲੈ ਗਿਆ। ਤਿੰਨ ਦਿਨਾਂ ਪਿੱਛੋਂ ਇਹ ਘਲੂਘਾਰੇ ਦੇ ਬਚੇ ਹੋਏ ਸਿੰਘਾਂ ਨੂੰ ਮਾਲਵਾ ਦੇ ਮਾਰੂਥਲ ਵਿਚ ਲੈ ਗਿਆ ਅਤੇ ਤਦ ਜਾ ਕੇ ਇਸ ਨੇ ਆਪਣੇ ਜਖ਼ਮ ਨੂੰ ਠੀਕ ਤਰ੍ਹਾਂ ਸੰਭਾਲਿਆ। ਜ਼ਕਰੀਆ ਖ਼ਾਨ ਦੇ ਪੁੱਤਰਾਂ ਵਿਚ ਨਵੰਬਰ 1746 ਵਿਚ ਛਿੜੀ ਜੰਗ ਦਾ ਲਾਭ ਉਠਾਉਂਦੇ ਹੋਏ ਸਿੱਖ ਸਤਲੁਜ ਲੰਘ ਕੇ ਅੰਮ੍ਰਿਤਸਰ ਜਾ ਕੇ ਇਕੱਠੇ ਹੋਏ। ਸੁੱਖਾ ਸਿੰਘ ਉਸ ਸਮੇਂ ਜੈਤੋ ਵਿਖੇ ਸੀ। ਇਹ ਵੀ ਇਹਨਾਂ ਨਾਲ ਜਾ ਮਿਲਿਆ। ਇਸ ਨੇ ਸਰਾਇ ਨੂਰਦੀਨ, ਸੰਘਰਕੋਟ, ਮਜੀਠਾ ਅਤੇ ਛੀਨਾ ਉੱਤੇ ਹਮਲੇ ਕੀਤੇ। ਅਖੀਰਲੇ ਪਿੰਡ ਵਿਚ ਇਸ ਨੇ ਇਕ ਬਦਨਾਮ ਸਰਕਾਰੀ ਮੁਖਬਰ ਕਰਨ ਛੀਨਾ ਨੂੰ ਦੁਵੱਲੀ ਲੜਾਈ ਵਿਚ ਮਾਰਿਆ ਕਿਉਂਕਿ ਇਹ ਕਈ ਸਿੱਖਾਂ ਦੀ ਗ੍ਰਿਫ਼ਤਾਰੀ ਅਤੇ ਸ਼ਹੀਦੀ ਲਈ ਜੁੰਮੇਵਾਰ ਸੀ। ਅਹਮਦ ਸ਼ਾਹ ਦੁੱਰਾਨੀ ਨੇ 1748 ਦੇ ਅਰੰਭ ਵਿਚ ਕੀਤੇ ਭਾਰਤ ਦੇ ਪਹਿਲੇ ਹਮਲੇ ਵੇਲੇ ਸਰਾਇ ਨੂਰਦੀਨ ਵਿਖੇ ਇਸ ਉੱਤੇ ਦਲ ਖ਼ਾਲਸਾ ਵੱਲੋਂ ਕੀਤੇ ਹਮਲੇ ਵਿਚ ਇਹ ਵੀ ਸ਼ਾਮਲ ਸੀ। 1749 ਵਿਚ ਜਦੋਂ ਸ਼ਾਹ ਨਵਾਜ਼ ਖ਼ਾਨ ਦੇ ਮੁਲਤਾਨ ਵਿਚ ਵਿਦਰੋਹ ਕਾਰਨ ਪਰੇਸ਼ਾਨ ਹੋਏ ਲਾਹੌਰ ਦੇ ਗਵਰਨਰ ਮੁਈਨ ਉਲ-ਮੁਲਕ ਨੇ ਸਿੱਖਾਂ ਦੀ ਮਦਦ ਚਾਹੀ ਤਾਂ ਸੁੱਖਾ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਇਸ ਮੁਹਿੰਮ ਵਿਚ ਸ਼ਾਮਲ ਹੋ ਗਏ ਜਿਸ ਵਿਚ ਸ਼ਾਹ ਨਵਾਜ਼ ਖ਼ਾਨ ਮਾਰਿਆ ਗਿਆ ਸੀ। ਇਸ ਤਰ੍ਹਾਂ ਮੁਲਤਾਨ ਦੇ ਵਿਦਰੋਹ ਨੂੰ ਦਬਾਉਣ ਉਪਰੰਤ ਮੁਈਨ ਉਲ-ਮੁਲਕ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਨੀਤੀ ਦੋਹਰੇ ਜੋਸ਼ ਨਾਲ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਨੂੰ ਜੰਗਲਾਂ ਵਿਚ ਲੁਕਣ ਲਈ ਮਜਬੂਰ ਕਰ ਦਿੱਤਾ। 1752 ਦੇ ਅਰੰਭ ਵਿਚ ਜਦੋਂ ਸੁੱਖਾ ਸਿੰਘ ਅਤੇ ਉਸ ਦਾ ਜਥਾ ਲਾਹੌਰ ਦੇ ਉੱਤਰ ਵੱਲ ਰਾਵੀ ਦਰਿਆ ਦੇ ਨਾਲ ਜੰਗਲ ਵਿਚ ਲੁਕਿਆ ਹੋਇਆ ਸੀ ਤਾਂ ਅਹਮਦ ਸ਼ਾਹ ਦੁੱਰਾਨੀ ਨੇ ਭਾਰਤ ਉੱਤੇ ਤੀਸਰਾ ਹੱਲਾ ਬੋਲ ਦਿੱਤਾ ਅਤੇ ਸ਼ਹਾਦਰਾ ਨੇੜੇ ਆ ਕੇ ਤਿਆਰੀ ਲਈ ਟਿਕ ਗਿਆ ਤਾਂ ਕਿ ਪੰਜਾਬ ਦੀ ਰਾਜਧਾਨੀ ਉੱਤੇ ਹਮਲਾ ਕੀਤਾ ਜਾ ਸਕੇ। ਦਰਿਆ ਦੇ ਉੱਤਰ ਵੱਲ ਘੋੜਿਆਂ ਲਈ ਚਾਰਾ ਲਭਦੇ ਹੋਏ ਸੁੱਖਾ ਸਿੰਘ ਦਾ ਅਫ਼ਗਾਨ ਫ਼ੌਜੀ ਦਸਤਿਆਂ ਨਾਲ ਮੁਕਾਬਲਾ ਹੋ ਗਿਆ। ਭਿਆਨਕ ਲੜਾਈ ਹੋਈ ਜਿਸ ਵਿਚ ਸੁੱਖਾ ਸਿੰਘ ਅਤੇ ਉਸਦੇ ਆਦਮੀ ਆਖ਼ਰੀ ਦਮ ਤਕ ਲੜਦੇ ਹੋਏ ਸ਼ਹੀਦ ਹੋ ਗਏ। ਇਹ 1752 ਜਨਵਰੀ ਦੇ ਪਹਿਲੇ ਅੱਧ ਦੀ ਘਟਨਾ ਹੈ।


ਲੇਖਕ : ਸ.ਸ.ਭ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁੱਖਾ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੁੱਖਾ ਸਿੰਘ  :  ਇਹ ਮਾੜੀ ਕੰਬੋ ਕੀ (ਜ਼ਿਲ੍ਹਾ ਅੰਮ੍ਰਿਤਸਰ) ਪਿੰਡ ਦਾ ਵਸਨੀਕ, ਕਲਸੀ ਗੋਤ ਦਾ ਇਕ ਸਿੱਖ ਸੀ ਜਿਸ ਨੇ ਧਰਮ ਯੁੱਧਾਂ ਵਿਚ ਹਿੱਸਾ ਲਿਆ ਅਤੇ ਪੰਥ ਦੀ ਭਾਰੀ ਸੇਵਾ ਕੀਤੀ। ਇਸ ਨੇ ਸ. ਮਹਿਤਾਬ ਸਿੰਘ ਨਾਲ ਮਿਲ ਕੇ ਮੱਸੇ ਰੰਘੜ ਆਦਿ ਤੁਰਕਾਂ ਨੂੰ ਹਰਿਮੰਦਰ ਸਾਹਿਬ ਦੇ ਬੇਅਦਬੀ ਦੀ ਸਜ਼ਾ ਦਿੱਤੀ । ਇਹ ਸੰਮਤ 1810 (1753 ਈ.) ਵਿਚ ਅਬਦਾਲੀ ਦੀ ਫ਼ੌਜ ਨਾਲ ਲੜਦਿਆਂ ਲਾਹੌਰ ਵਿਖੇ ਸ਼ਹੀਦ ਹੋਇਆ।

        ਇਕ ਹੋਰ ਸੁੱਖਾ ਸਿੰਘ ਹੋਇਆ ਹੈ ਜੋ ਬਾਜ ਸਿੰਘ ਦਾ ਭਰਾ ਸੀ ਜਿਸ ਨੇ ਬੰਦਾ ਬਹਾਦਰ ਨਾਲ ਮਿਲ ਕੇ ਕਈ ਜੰਗਾਂ ਵਿਚ ਹਿੱਸਾ ਲਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-12-47-56, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 209

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.